ਕੋਰੋਨਾ ਦੇ ਵਧਦੇ ਮਾਮਲਿਆਂ ਦੇ ਵਿਚਕਾਰ ਪੰਜਾਬ ਸਰਕਾਰ ਵੱਲੋਂ ਦੁਬਾਰਾ ਸਕੂਲ ਬੰਦ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਦਰਮਿਆਨ ਅਧਿਆਪਕਾਂ, ਬੱਚਿਆਂ ਦੇ ਮਾਤਾ-ਪਿਤਾ ਤੇ ਸਕੂਲਾਂ ਨਾਲ ਸਬੰਧਤ ਹੋਰਨਾਂ ਕਾਮਿਆਂ ਵੱਲੋਂ ਸਕੂਲ ਖੋਲ੍ਹਣ ਦੀ ਮੰਗ ਕੀਤੀ ਜਾ ਰਹੀ ਹੈ। ਇਸ ਨੂੰ ਲੈ ਕੇ ਪੰਜਾਬ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਸਫਾਈ ਦਿੱਤੀ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਸਕੂਲਾਂ ਨੂੰ ਬੰਦ ਕਰਨਾ ਸੂਬਾ ਸਰਕਾਰ ਦਾ ਕੋਈ ਨਿੱਜੀ ਸਵਾਰਥ ਨਹੀਂ। ਇਹ ਕਦਮ ਸਿਰਫ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਵੇਖਦੇ ਹੋਏ ਚੁੱਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਕੂਲਾਂ ਨੂੰ ਖੋਲ੍ਹਣ ਲਈ 8 ਅਪ੍ਰੈਲ ਨੂੰ ਦੁਬਾਰਾ ਮੀਟਿੰਗ ਹੋਣ ਜਾ ਰਹੀ ਹੈ।ਉਨ੍ਹਾਂ ਦਾ ਕਹਿਣਾ ਸੀ ਕਿ ਸਰਕਾਰ ਦੇ ਸਾਰੇ ਪ੍ਰੋਗਰਾਮ ਕੋਵਿਡ ਪ੍ਰੋਟੋਕੋਲ ਨੂੰ ਫੋਲੋ ਕਰਦਿਆਂ ਕੀਤੇ ਜਾ ਰਹੇ ਹਨ। ਸਕੂਲ ਪ੍ਰਬੰਧਕਾਂ ਦੇ ਅੰਦੋਲਨ ‘ਤੇ ਤਿੱਖੀ ਪ੍ਰਤੀਕਿਰਆ ਦਿੰਦੇ ਕਿਹਾ ਕਿ ਨਿੱਜੀ ਸਕੂਲਾਂ ਦਾ ਅੰਦੋਲਨ ਸਿਰਫ ਫੀਸ ‘ਤੇ ਹੀ ਕੇਂਦਰਤ ਹੈ।
ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਵਲੋਂ ਹਰ ਰੋਜ਼ ਆਪਣੇ ਕਾਰਜ ਖੇਤਰ ਵਿੱਚ ਲਗਾਤਾਰ ਪ੍ਰੋਗਰਾਮ ਕੀਤੇ ਜਾ ਰਹੇ ਹਨ। ਦੂਜੇ ਪਾਸੇ ਸਰਕਾਰੀ ਤੇ ਗੈਰ ਸਰਕਾਰੀ ਸਕੂਲਾਂ ‘ਤੇ ਤਾਲੇ ਲਟਕ ਰਹੇ ਹਨ ਜਿਸ ਨੂੰ ਲੈ ਕੇ ਵਿਦਿਆਰਥੀਆਂ ਦੇ ਮਾਤਾ-ਪਿਤਾ ਤੇ ਸਕੂਲ ਪ੍ਰਬੰਧਕਾਂ ਵਿੱਚ ਰੋਸ਼ ਦੀ ਲਹਿਰ ਵੇਖਣ ਨੂੰ ਮਿਲ ਰਹੀ ਹੈ। ਪੰਜਾਬ ਵਿੱਚ ਕੋਰੋਨਾ ਦੇ ਵੱਧ ਰਹੇ ਕੇਸਾਂ ਨੇ ਸਰਕਾਰ ਦੀਆਂ
ਫਿਕਰਾਂ ਵਧਾ ਦਿੱਤੀਆਂ ਹਨ। ਇਸ ਦੇ ਮੱਦਨਜ਼ਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖੁਦ ਕੋਰੋਨਾ ਦੇ ਮਾਮਲਿਆਂ ਦੀ ਨਿਗਰਾਨੀ ਕਰ ਰਹੇ ਹਨ। ਇਸ ਦੌਰਾਨ ਸੀਐਮ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਵੀਕਐਂਡ ਲੌਕਡਾਊਨ ਦਾ ਇਸ਼ਾਰਾ ਵੀ ਦੇ ਦਿੱਤਾ ਹੈ। ਫਿਲਹਾਲ ਸੂਬੇ ਦੇ 12 ਜ਼ਿਲ੍ਹਿਆਂ ‘ਚ ਨਾਈਟ ਕਰਫਿਊ ਲੱਗਿਆ ਹੋਇਆ ਹੈ।ਦੱਸ ਦਈਏ ਕਿ ਕੈਪਤਾਨ ਨੇ ਕਿਹਾ ਕਿ ਸ਼ਨੀਵਾਰ ਨੂੰ ਲੋਕ ਇੱਕ ਦੂਜੇ ਦੇ ਵਧੇਰੇ ਸੰਪਰਕ ਵਿੱਚ ਆਉਂਦੇ ਹਨ। ਕੋਰੋਨਾ ਨਾਲ ਲੜਿਆ ਜਾ ਸਕਦਾ ਹੈ, ਜੇਕਰ ਲੋਕ ਇੱਕ-ਦੂਜੇ ਦੇ ਸੰਪਰਕ ਵਿੱਚ ਨਾ ਆਉਣ, ਟੀਕਾ ਲਵਾਉਣ ਤੇ ਮਾਸਕ ਪਹਿਨਣ।