ਪੰਜਾਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਗਰਮਾਇਆ ਹੋਇਆ ਹੈ। ਇਸ ਮਾਮਲੇ ਨੂੰ ਲੈ ਕੇ ਹਰ ਰੋਜ਼ ਹੀ ਸਿਆਸੀ ਪਾਰਟੀਆਂ ਵੱਲੋਂ ਇੱਕ ਦੂਜੇ ਤੇ ਤੰਜ ਕੱਸੇ ਜਾਂਦੇ ਹਨ, ਪਰ ਇਸ ਮਾਮਲੇ ਦਾ ਹੱਲ ਕਿਸੇ ਵੱਲੋਂ ਨਹੀਂ ਕੱਢਿਆ ਜਾ ਰਿਹਾ ।
ਇੱਥੋਂ ਤੱਕ ਕੇ ਹਾਈ ਕੋਰਟ ਵੱਲੋਂ ਵੀ ਇਸ ਮਾਮਲੇ ਚ ਇਨਸਾਫ ਨਹੀਂ ਕੀਤਾ ਜਾ ਰਿਹਾ। ਪਿਛਲੇ ਦਿਨੀਂ ਹਾਈ ਕੋਰਟ ਵੱਲੋਂ ਇੱਕ ਫ਼ੈਸਲਾ ਸੁਣਾਇਆ ਗਿਆ ਸੀ ਜਿਸ ਦਾ ਵਿਰੋਧ ਸਿੱਖ ਜਥੇਬੰਦੀਆਂ ਕਰ ਰਹੀਆਂ ਹਨ ।ਹਾਈ ਕੋਰਟ ਦੇ ਫ਼ੈਸਲਾ ਸੁਣਾਉਣ ਤੋਂ ਬਾਅਦ ਸਿੱਖ ਜਥੇਬੰਦੀਆਂ ਨੇ ਐਲਾਨ ਕੀਤਾ ਸੀ ਕਿ ਉਹ ਤੀਹ ਅਪਰੈਲ ਨੂੰ ਹਾਈ ਕੋਰਟ ਦੇ ਫੈਸਲੇ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਦਰਸ਼ਨ ਕਰਨਗੇ।
ਸੋ ਸਿੱਖ ਜਥੇਬੰਦੀਆਂ ਦੇ ਪਲਾਨ ਮੁਤਾਬਕ ਤੀਹ ਅਪ੍ਰੈਲ ਦਿਨ ਸ਼ੁੱਕਰਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਰਣਜੀਤ ਸਿੰਘ ਦੀ ਅਗਵਾਈ ਹੇਠ ਸਿੱਖ ਭਾਈਚਾਰੇ ਵੱਲੋਂ ਕੋਟਕਪੂਰਾ ਵਿਖੇ ਹਾਈ ਕੋਰਟ ਦੇ ਫ਼ੈਸਲੇ ਦਾ ਭਾਰੀ ਵਿਰੋਧ ਕੀਤਾ ਗਿਆ।
ਸਿੱਖ ਜਥੇਬੰਦੀਆਂ ਦਾ ਕਹਿਣਾ ਹੈ ਕਿ ਕਾਂਗਰਸ ਸਰਕਾਰ ਜਾਣ ਬੁੱਝ ਕੇ ਇਸ ਮਾਮਲੇ ਨੂੰ ਠੰਡਾ ਪਾ ਰਹੀ ਹੈ ਤਾਂ ਜੋ ਉਹ ਬਾਦਲ ਪਰਿਵਾਰ ਨੂੰ ਬਚਾ ਸਕੇ। ਪਿਛਲੇ ਦਿਨੀਂ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਨਜੀਤ ਸਿੰਘ ਬੈਂਸ ਨੇ ਕਿਹਾ ਸੀ ਕਿ ਕਾਂਗਰਸ ਸਰਕਾਰ ਨੂੰ ਇਸ ਮਸਲੇ ਦਾ ਹੱਲ ਕਰਨਾ ਚਾਹੀਦਾ ਹੈ।